Description
” DSR 2025 ਝੋਨੇ ਬਾਸਮਤੀ ਦੀ ਸਿੱਧੀ ਬਿਜਾਈ ”
ਕਿਸਾਨ ਵੀਰੋ ਜਦੋਂ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਨੂੰ ਅਗੇਤਾ ਕਰਕੇ ਪਹਿਲੀ ਜੂਨ ਕਰ ਦਿੱਤਾ ਤਾਂ ਕਿਸਾਨਾਂ ਦਾ ਰੁਝਾਨ DSR ਵੱਲ ਘਟਦਾ ਜਾਪਿਆ ਪਰ ਹੁਣ ਬਦਲੇ ਹਾਲਾਤਾਂ ਅਤੇ ਤਕਰੀਬਨ ਜੰਗ ਵਾਲੀ ਸਥਿਤੀ ਬਣਨ ਨਾਲ ਖੇਤੀ ਕਾਰਵਾਈਆਂ ਉੱਤੇ ਵੀ ਅਸਰ ਪੈਣਾ ਲਾਜ਼ਮੀ ਹੈ.. ਡਰ ਕਰਕੇ ਲੇਬਰ ਘੱਟ ਆਈ ਤਾਂ ਸਾਡੇ ਕੋਲ ਬਿਨਾਂ ਕੱਦੂ ਕੀਤੇ ਲੇਬਰਮੁਕਤ ਤਰੀਕੇ ਨਾਲ ਝੋਨਾ ਬਾਸਮਤੀ ਲਾਉਣ ਦੀਆਂ ਕਾਮਯਾਬ ਵਿਧੀਆਂ ਹਨ ਕਿਉਂਕ ਬਲੈਕ ਆਊਟ ਕਾਰਣ ਬਿਜਲੀ ਦਿਨੇ ਹੀ ਮਿਲ ਰਹੀ ਹੈ ਅਤੇ ਹੁਣ DSR ਕਰਨ ਲਈ ਉਪਯੁਕਤ ਸਮਾਂ ਹੈ..
ਭਰਾਵੋ ਕਿੰਨੀ ਮਰਜ਼ੀ ਐਮਰਜੇਂਸੀ ਵਾਲੇ ਹਾਲਾਤ ਹੋਣ ਖੇਤੀ ਕਾਰਵਾਈਆਂ ਤਾਂ ਚੱਲਦੀਆਂ ਰਹਿਣੀਆਂ ਹਨ–
ਪਿਛਲੇ ਸਾਲਾਂ ਦਾ ਨਿਚੋੜ ਅਤੇ ਅੱਪਡੇਟਾਂ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਹੈ–👇
ਸਿੱਧੀ ਬਿਜਾਈ ਦੀ ਸਫਲਤਾ ਲਈ ਇਸਨੂੰ ਪੰਜ ਭਾਗਾਂ ਚ ਵੰਡ ਲੈਂਦੇ ਹਾਂ–
1–ਸਿੱਧੀ ਬਿਜਾਈ DSR ਵਾਸਤੇ ਉਪਯੁਕਤ ਜ਼ਮੀਨ ਅਤੇ ਉਸਦੀ ਤਿਆਰੀ
2–ਬਿਜਾਈ ਦਾ ਉਪਯੁਕਤ ਸਮਾਂ,ਬੀਜ ਕਿਸਮਾਂ ਅਤੇ ਬੀਜਾਂ ਦੀ ਮਾਤਰਾ+ ਸੋਧ
3–ਬਿਜਾਈ ਦੇ ਤਰੀਕੇ
4–ਨਦੀਨ ਪ੍ਰਬੰਧ
5– ਖਾਦਾਂ ਅਤੇ ਤੱਤ
ਵਿਸਥਾਰ ਸਹਿਤ —-
1– ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਦੀ ਸਫਲਤਾ ਵਿੱਚ 60% ਹਿੱਸਾ ਜ਼ਮੀਨ ਦੀ ਕਿਸਮ ਅਤੇ ਉਸਦੀ ਤਿਆਰੀ ਨਿਰਧਾਰਿਤ ਕਰਦੀ ਹੈ..ਬਾਕੀ 20% ਬੀਜਣ ਦੇ ਤਰੀਕੇ +20% ਨਦੀਨ ਪ੍ਰਬੰਧ ਦੀ ਸਫਲਤਾ ਉੱਤੇ ਨਿਰਭਰ ਹੈ..
ਦਰਮਿਆਨੀ ਤੋਂ ਭਾਰੀ ਅਤੇ ਰੇਤਲੀ ਚੀਕਣੀ ਜ਼ਮੀਨ ਵਿੱਚ ਹੀ ਸਿੱਧੀ ਬਿਜਾਈ ਕਾਮਯਾਬ ਹੈ..ਰੇਤਲੀ ਜ਼ਮੀਨ ਚ ਨਹੀਂ ਕਰਨੀ ਚਾਹੀਦੀ ਖਾਸ ਕਰ ਜਿੱਥੇ ਨਹਿਰੀ ਪਾਣੀ ਨਾ ਹੋਵੇ..
ਸਿੱਧੀ ਬਿਜਾਈ ਲਈ ਤਿਆਰੀ ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਤੋਂ ਫੌਰਨ ਬਾਦ ਸ਼ੁਰੂ ਕਰ ਦੇਣੀ ਚਾਹੀਦੀ ਹੈ..ਜੇਕਰ ਕਿਸਮ ਪਿਛਲੇ ਸਾਲ ਵਾਲੀ ਹੀ ਬੀਜਣੀ ਹੈ ਤਾਂ ਪੁਰਾਣੇ ਝੋਨੇ ਦੇ ਰਲੇ ਦਾ ਡਰ ਘਟ ਜਾਂਦਾ ਹੈ ਪਰ ਜੇਕਰ ਕਿਸਮ ਨਵੀਂ ਬੀਜਣੀ ਹੈ ਤਾਂ ਪਿਛਲੇ ਸਾਲ ਦੇ ਝੋਨੇ ਦੇ ਬੀਜ(ਰਲੇ) ਅਤੇ ਨਦੀਨ ਨੂੰ ਉਗਾਉਣ ਲਈ ਇੱਕ ਜਾਂ ਦੋ ਰੌਣੀਆਂ ਦੀ ਜਰੂਰਤ ਪੈਂਦੀ ਹੈ.. ਇਸ ਸਾਲ ਬਾਰਿਸ਼ ਹੋਣ ਮੌਸਮ DSR ਦੇ ਬਹੁਤ ਅਨੁਕੂਲ ਹੈ.. ਬਾਰਿਸ਼ ਨਾਲ ਸਾਰਾ ਕਬਾੜ ਉੱਗ ਗਿਆ ਹੈ ਪਰ ਜਿੱਥੇ ਬਾਰਿਸ਼ ਨਹੀਂ ਓਥੇ ਬਿਜਲੀ ਮਹਿਕਮੇ+ਨਹਿਰੀ ਮਹਿਕਮੇ ਦਾ ਵੱਡਾ ਰੋਲ ਹੈ..ਇਹ ਰੌਣੀ ਪਾਣੀ ਦੀ ਬਰਬਾਦੀ ਨਹੀਂ ਹੈ..ਰੌਣੀ ਕਰਕੇ ਉੱਗੇ ਰਲੇ ਅਤੇ ਨਦੀਨ ਨੂੰ ਤਵੀਆਂ, ਪਲਟਾਵੀਆਂ ਹੱਲਾਂ,ਮੋਟੀਆਂ ਹੱਲਾਂ,ਰੋਟਾਵੇਟਰ ਆਦਿ ਨਾਲ ਵਾਹ ਕੇ ਨਸ਼ਟ ਕਰਕੇ ਜ਼ਮੀਨ ਨੂੰ ਬਿਜਾਈ ਕਰਨ ਦੀ ਤਰੀਕ ਤੱਕ ਖੁੱਲਾ ਛੱਡ ਦੇਣਾ ਚਾਹੀਦਾ ਹੈ..
ਜੇ ਬਿਜਲੀ ਪਾਣੀ ਉਪਲਬਧ ਨਹੀਂ ਤਾਂ ਵੀ ਜ਼ਮੀਨ ਨੂੰ ਦੋ ਵਾਰ ਸੁੱਕਾ ਹੀ ਵਾਹ ਕੇ ਸੂਰਜ ਦੀ ਤਪਿਸ਼ ਲੱਗਣ ਲਈ ਛੱਡ ਦਿਓ..
ਬਿਜਾਈ ਤੋਂ ਇੱਕ ਦੋ ਦਿਨ ਪਹਿਲਾਂ ਲੇਜ਼ਰ ਲੈਵਲਰ ਜਰੂਰ ਫੇਰਨਾ ਚਾਹੀਦਾ ਹੈ…
2–ਝੋਨੇ ਦੀਆਂ ਪਰਮਲ ਕਿਸਮਾਂ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ 20 ਮਈ ਤੋਂ 5 ਜੂਨ ਤੱਕ ਹੈ ਅਤੇ ਬਾਸਮਤੀ ਕਿਸਮਾਂ ਲਈ 10 ਤੋਂ 25 ਜੂਨ ਤੱਕ ਹੈ..ਝੋਨੇ ਦੀਆਂ ਥੋੜੇ ਸਮੇਂ ਚ ਪੱਕਣ ਵਾਲੀਆਂ ਪਰਮਲ ਕਿਸਮਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਜਿਵੇਂ PR 122,126,128,129 ਅਤੇ ਸਾਵਾ 127,134,7301 ਆਦਿ
ਨਵੀਆਂ ਕਿਸਮਾਂ PR 130, 131ਅਤੇ 132 ਨੂੰ ਥੋੜੇ ਰਕਬੇ ਚ ਅਜ਼ਮਾ ਲੈਣਾ ਚਾਹੀਦਾ..
ਬਾਸਮਤੀ ਲਈ ਘੱਟ ਸਮਾਂ ਲੈਣ ਵਾਲੀ 1509,1692, 1847
1121,1718,1885
ਪੂਸਾ 1401,1886
ਅਤੇ PB 7 ਉਪਯੁਕਤ ਹਨ..
ਫੁੱਲ ਪੇਜ ਤਕਨੀਕ ਵਿੱਚ ਪੂਸਾ ਬਾਸਮਤੀ 1985,1979 ਅਤੇ ਸਾਵਾ ਕਿਸਮਾਂ ਆ ਗਈਆਂ ਹਨ ਜੋ ਇਮੇਜਥਾਇਪਰ ਨਾਮ ਦੇ ਨਦੀਨ ਨਾਸ਼ਕ ਸਾਲਟ ਨੂੰ ਸਹਿ ਲੈਂਦੀਆਂ ਅਤੇ ਬਾਕੀ ਸਾਰੇ ਉੱਗੇ ਨਦੀਨ ਅਤੇ ਝੋਨਾ ਕਿਸਮਾਂ ਮਰ ਜਾਂਦੀਆਂ..
ਪਿੱਛਲੇ ਸਾਲ ਦਾ ਤਜ਼ੁਰਬਾ ਦੱਸਦਾ ਕੇ ਫੁੱਲ ਪੇਜ ਤਕਨੀਕ ਵਾਲੀਆਂ ਕਿਸਮਾਂ ਉੱਤੇ ਇਮੇਜੈਥਾਇਪਰ ਦੀ ਸਪ੍ਰੇਹ ਬਿਜਾਈ ਤੋਂ 15 ਦਿਨ ਦੇ ਅੰਦਰ ਹੀ ਹੋਣੀ ਚਾਹੀਦੀ ਹੈ..
ਚੰਗਾ ਹੋਵੇ ਬਿਜਾਈ ਵੇਲੇ ਅਗਾਂਊ ਨਦੀਨ ਪ੍ਰਬੰਧ ਦੇ ਤੌਰ ਉੱਤੇ ਸਟੋਂਪ ਅਤੇ ਸਾਥੀ ਵਰਤ ਲਈ ਜਾਵੇ..
ਪਰਮਲ ਬੀਜਾਂ ਲਈ ਸੋਧ ਵਾਸਤੇ SPRINT 75 WS ਦਵਾਈ
ਅਤੇ ਬਾਸਮਤੀ ਬੀਜਾਂ ਲਈ ਟਰਾਈਕੋਡਰਮਾ+ਸੂਡੋਮਨਾਸ+ਇਫਕੋ ਬਾਇਓ ਕਨਸੋਰਟੀਆ ਦੀ ਪ੍ਰਤਿ ਕਿੱਲੋ ਬੀਜ ਲਈ 8-10 ਗ੍ਰਾਮ ਮਾਤਰਾ ਕਾਫੀ ਹੈ…
ਇਸਤੋਂ ਪਹਿਲਾਂ ਨਿੱਗਰ ਬੀਜ ਹਾਸਿਲ ਕਰਨ ਲਈ ਬੀਜ ਨੂੰ ਲੂਣ ਵਾਲੇ ਪਾਣੀ ਚ ਡੁਬੋ ਕੇ ਸਿਰਫ ਡੁੱਬਿਆ ਰਹਿਣ ਵਾਲਾ ਬੀਜ ਹੀ ਵਰਤੋ..ਤੈਰਨ ਵਾਲਾ ਬੀਜ ਪਾਸੇ ਕਰ ਦੇਣਾ ਚਾਹੀਦਾ ਹੈ..ਨਿੱਗਰ ਬੀਜ ਨੂੰ ਲੂਣ ਵਾਲੇ ਪਾਣੀ ਚੋਂ ਕੱਢ ਕੇ ਚੰਗੀ ਤਰਾਂ ਧੋਕੇ ਫਿਰ ਸੋਧਣ ਵਾਲੀਆਂ ਦਵਾਈਆਂ ਲਾਓ…
ਬੀਜ ਮਾਤਰਾ ਪਰਮਲ ਕਿਸਮਾਂ ਲਈ 7-9 kg ਅਤੇ ਬਾਸਮਤੀ ਲਈ 5-7 kg ਨਿੱਗਰ ਬੀਜ ਕਾਫੀ ਹੈ..
ਯਾਦ ਰਹੇ ਕਿ ਜ਼ਿਆਦਾ ਝਾੜ/ਬੂਟਾ ਮਾਰਨ ਵਾਲੀਆਂ ਕਿਸਮਾਂ ਦਾ ਬੀਜ ਘੱਟ ਮਾਤਰਾ ਚ ਵਰਤਣਾ ਹੈ ਤਾਂ ਜੋ ਫੋਕ ਪੱਤਲ ਜ਼ਿਆਦਾ ਨਾ ਆਵੇ–
3–ਸਿੱਧੀ ਬਿਜਾਈ ਕਰਨ ਦੇ ਤਰੀਕੇ..👇
A – ਲੱਕੀ ਸੀਡਰ ਡਰਿੱਲ=
ਪੀ ਏ ਯੂ ਦੇ ਇੰਜੀਨੀਰਿੰਗ ਵਿਭਾਗ ਦੁਆਰਾ ਵਿਕਸਿਤ ਇਹ ਮਸ਼ੀਨ ਤਰ ਵੱਤਰ ਦੇ ਢੁਕਵੇਂ ਹਾਲਾਤਾਂ ਚ ਸਿੱਧੀ ਬਿਜਾਈ ਕਰਨ ਦੀ ਸਭ ਤੋਂ ਵਧੀਆ ਤਕਨੀਕ ਹੈ ਜੋ ਇੱਕ ਹੀ ਵਾਰ ਚ ਬੀਜ+ਖਾਦ ਕੇਰਦੀ ਅਤੇ ਦਵਾਈ ਸਪਰੇਅ ਕਰ ਦਿੰਦੀ ਹੈ..
ਤਰ ਵੱਤਰ ਬਿਜਾਈ ਸ਼ਾਮ ਵੇਲੇ ਕਰਨੀ ਹੁੰਦੀ ਹੈ ਅਤੇ ਪਹਿਲਾ ਪਾਣੀ 21 ਦਿਨ ਬਾਦ ਲੱਗਦਾ ਹੈ ਉਹ ਵੀ ਮੌਸਮ ਦੇਖ ਕੇ..ਪਾਣੀ ਲੇਟ ਲੱਗਣ ਕਰਕੇ ਝੋਨੇ ਚ ਲੋਹੇ ਅਤੇ ਨਦੀਨਾਂ ਦੀ ਸਮੱਸਿਆ ਘੱਟ ਹੀ ਆਉਂਦੀ ਹੈ..ਇਸ ਮਸ਼ੀਨ ਨੂੰ ਹੋਰ ਵੀ ਅੱਪਡੇਟ ਕਰਕੇ ਬਿਹਤਰ ਬਣਾਇਆ ਗਿਆ ਹੈ..
B — DSR ਡਰਿੱਲ=
ਪੀਏਯੂ ਦੀ ਇਸ ਡਰਿੱਲ ਨਾਲ ਸਾਰਾ ਦਿਨ ਸੁੱਕੇ+ਗਿੱਲੇ ਵੱਤਰ ਚ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਬਾਦ ਚ ਲੋੜ ਅਨੁਸਾਰ ਪਾਣੀ ਲਾਕੇ ਨਦੀਨਨਾਸ਼ਕ ਦਵਾਈਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ..
ਲੱਕੀ ਸੀਡਰ ਨਾਲੋਂ ਫਰਕ ਸਿਰਫ ਸਪਰੇਅ ਟੈਕਨੋਲੋਜੀ ਨਾ ਹੋਣ ਦਾ ਹੈ..
C– SRB ਡਰਿੱਲ Sowing Rice on Beds–ਇਸ ਤਕਨੀਕ ਵਿੱਚ ਵਗੀ ਜ਼ਮੀਨ ਚ ਸਿਆੜ ਕੱਢਣ ਦੇ ਨਾਲ ਨਾਲ ਉਹਨਾਂ ਉੱਪਰ ਦੋ ਲਾਈਨਾਂ ਝੋਨੇ/ ਬਾਸਮਤੀ ਦੀਆਂ ਕੇਰ ਦਿੱਤੀਆਂ ਜਾਂਦੀਆਂ ਹਨ ਅਤੇ ਵੱਟਾਂ ਚ 80% ਪਾਣੀ ਭਰਕੇ ਨਦੀਨ ਪ੍ਰਬੰਧ ਕੀਤਾ ਜਾਂਦਾ.. ਵੱਟਾਂ ਉੱਤੇ ਪਾਣੀ ਨਹੀਂ ਚੜ੍ਹਾਇਆ ਜਾਂਦਾ ਸਿਰਫ ਸਿੱਲ ਰੱਖੀ ਜਾਂਦੀ ਹੈ.. ਪੰਜਾਬ ਦੇ ਸਾਬਕਾ ਖੇਤੀ ਸਕੱਤਰ ਸ੍ਰ ਕਾਹਨ ਸਿੰਘ ਪੰਨੂ ਨੇ SRB ਦਾ ਪਿੱਛਲੇ ਸਾਲ ਪੰਜਾਬ ਦੇ ਵੱਖੋ ਵੱਖ ਇਲਾਕਿਆਂ ਚ ਟ੍ਰਾਇਲ ਕੀਤਾ ਸੀ ਜਿਸਦੇ ਨਤੀਜੇ ਉਤਸ਼ਾਹਜਨਕ ਰਹੇ..
ਫਸਲ ਦੀ ਕੁਆਲਟੀ, ਪਰਾਲੀ ਪ੍ਰਬੰਧ ਅਤੇ ਅਗਲੀ ਫਸਲ ਦੀ ਤਿਆਰੀ ਵਧੀਆ ਅਤੇ ਸੌਖੀ ਰਹੀ..
D– ASR ਵਿਧੀ =
ਗੁੱਡ ਗਰੋਅ ਫਗਵਾੜਾ ਤਕਨੀਕ ਵਾਲੇ ਸ੍ਰ ਅਵਤਾਰ ਸਿੰਘ (9463571522) ਦੀ ਵਿਧੀ ਮੁਤਾਬਿਕ ਬਿਜਾਈ ਤੋਂ ਪਹਿਲਾਂ ਚਾਰ ਸੁਹਾਗੇ ਅਤੇ ਬਿਜਾਈ ਤੋਂ ਬਾਦ ਵੀ ਤਿੰਨ ਚਾਰ ਸੁਹਾਗੇ ਮਾਰਕੇ ਜ਼ਮੀਨ ਦੀ ਹਵਾ ਬਾਹਰ ਕੱਢਣੀ ਚਾਹੀਦੀ ਹੈ..ਇਹ ਵਿਧੀ ਭਾਰੀ ਚੀਕਣੀਆਂ ਜ਼ਮੀਨਾਂ ਦੀ ਬਜਾਏ ਰੇਤਲੀਆਂ ਚੀਕਣੀਆਂ ਜ਼ਮੀਨਾਂ ਚ ਜ਼ਿਆਦਾ ਕਾਰਗਰ ਹੈ..
E — ਡਰੰਮ ਸੀਡਰ=
ਟਰੈਕਟਰ ਅਤੇ ਡਰਿੱਲਾਂ ਦੀ ਬਜਾਏ ਮੈਨੂਅਲ ਤਰੀਕੇ ਨਾਲ ਕਤਾਰਾਂ ਚ ਬੀਜ ਕੇਰਨ ਲਈ ਡਰੰਮ ਮਸ਼ੀਨ ਦਾ ਇਸਤੇਮਾਲ ਕਰਨਾ ਵੀ ਬਹੁਤ ਲ਼ਾਭਦਾਇਕ ਹੈ..
ਗਿੱਲੇ ਸੁੱਕੇ ਵੱਤਰ DSR ਅਤੇ ਸੁੱਕੇ ਕੱਦੂ ਦੇ ਪਾਣੀ ਚ ਵੀ ਇਸਨੂੰ ਇਸਤੇਮਾਲ ਕੀਤਾ ਜਾ ਸਕਦਾ..
ਛੱਟੇ ਤੋਂ ਵੀ ਵਧੀਆ ਨਤੀਜਾ ਆਉਂਦਾ ਹੈ..ਬਿਹਾਰ,ਯੂਪੀ ਅਤੇ ਬੰਗਾਲ ਦੇ ਛੋਟੇ ਕਿਸਾਨ ਇਸ ਵਿਧੀ ਨਾਲ ਸਫਲਤਾ ਪੂਰਵਕ ਝੋਨਾ ਅਤੇ ਦੂਜੀਆਂ ਫਸਲਾਂ ਦੀ ਬਿਜਾਈ ਕਰ ਰਹੇ ਹਨ..ਦੋ ਆਦਮੀ ਇਕ ਦਿਨ ਵਿੱਚ ਗਿੱਲੇ ਜਾਂ ਸੁੱਕੇ ਵੱਤਰ ਚ ਤਿੰਨ ਏਕੜ ਦੀ ਬਿਜਾੲਈ ਕਰ ਸਕਦੇ ਹਨ..
ਹੁਣ ਪਨੀਰੀ ਬੀਜ ਕੇ ਬਿਨਾਂ ਕੱਦੂ ਕੀਤੇ ਬਿਜਾਈ ਦੇ ਤਰੀਕੇ —👇
A — ਵੱਟਾਂ ਵਾਲਾ ਝੋਨਾ =
ਡਾ ਦਲੇਰ ਸਿੰਘ ਦੁਆਰਾ ਖੋਜੀ ਇਸ ਵਿਧੀ ਅਨੁਸਾਰ ਤਿਆਰ ਜ਼ਮੀਨ ਚ ਰੇਜ਼ਰ ਨਾਲ ਵੱਟਾਂ ਕੱਢ ਕੇ ਓਹਨਾਂ ਚ 80% ਤੱਕ ਪਾਣੀ ਭਰਕੇ,ਫਿਰ ਦੂਜੇ ਦਿਨ ਬਾਦ ਪਾਣੀ ਭਰਕੇ 20-22 ਦਿਨ ਦੀ ਪਨੀਰੀ ਨਾਲ ਰੇਅ ਦੇ ਸਿਰੇ ਉੱਪਰ ਬਿਜਾਈ ਕਰਨੀ ਚਾਹੀਦੀ ਹੈ..ਸਾਰੀਆਂ ਜ਼ਮੀਨਾਂ ਚ ਕਾਮਯਾਬ ਹੈ..ਪਾਣੀ ਦੀ ਬੱਚਤ ਬਹੁਤ ਹੈ ਅਤੇ ਝੋਨੇ ਦੀ ਕੁਆਲਿਟੀ ਵੀ ਵਧੀਆ ਹੁੰਦੀ ਹੈ…
B–ਸੁੱਕਾ ਕੱਦੂ =
ਇਸ ਵਿਧੀ ਚ ਵਗੀ ਹੋਈ ਜ਼ਮੀਨ ਨ੍ਹੰ ਚਾਰ ਪੰਜ ਸੁਹਾਗੇ ਮਾਰਕੇ ਫਿਰ ਪਾਣੀ ਭਰਕੇ ਉਸ ਵਿੱਚ ਪਨੀਰੀ ਲਾਉਣੀ ਹੁੰਦੀ ਹੈ..ਡਰੱਮ ਸੀਡਰ ਅਤੇ ਪੈਡੀ ਪਲਾਂਟਰ ਵੀ ਵਰਤਿਆ ਜਾ ਸਕਦਾ ਜੇ ਪਨੀਰੀ ਟਰੇਆਂ ਚ ਤਿਆਰ ਕੀਤੀ ਹੈ..
4 — ਨਦੀਨ ਪ੍ਰਬੰਧ =
ਤਰ ਵੱਤਰ ਚ ਲੱਕੀ ਸੀਡਰ ਨਾਲ ਬਿਜਾਈ ਵੇਲੇ ਸਟੌਪ ਇੱਕ ਤੋਂ ਡੇਢ ਲੀਟਰ+ਸਾਥੀ 60-80 ਗ੍ਰਾਮ 200 ਲੀਟਰ ਪਾਣੀ ਪ੍ਰਤਿ ਏਕੜ ਦੇ ਹਿਸਾਬ ਨਾਲ ਲਾਓ..
ਸੁੱਕੇ ਵੱਤਰ ਬਿਜਾਈ ਤੋਂ ਤੁਰੰਤ ਬਾਦ ਪਾਣੀ ਲਾਉਣ ਵੇਲੇ ਖੜੇ ਪਾਣੀ ਚ ਸਾਥੀ ਦਵਾਈ ਰੇਤ ਚ ਮਿਲਾ ਕੇ ਛਿੱਟਾ ਦਿੱਤਾ ਜਾ ਸਕਦਾ ਅਤੇ ਪਾਣੀ ਜੀਰਨ ਤੋਂ ਤੁਰੰਤ ਬਾਦ ਪੈਰ ਧਰਾਵਾ ਹੋਣ ਤੇ ਸਟੌਂਪ ਦੀ ਸਪਰੇਅ ਕੀਤੀ ਜਾ ਸਕਦੀ ਹੈ..ਮਾਤਰਾ ਲੱਕੀ ਸੀਡਰ ਵਾਲੀ ਹੀ ਰਹੇਗੀ..
ਵੱਟਾਂ ਵਾਲੇ ਝੋਨੇ ਅਤੇ ਸੁੱਕੇ ਕੱਦੂ ਚ ਬਿਜਾਈ ਵਾਲੇ ਦਿਨ ਅਤੇ DSR ਵਾਲੀ 15 ਦਿਨ ਦੀ ਫਸਲ (ਨਦੀਨ ਰੋਕੂ ਪ੍ਰਬੰਧ )ਚ ਪਾਣੀ ਭਰਕੇ ਅਨਿਲੋਗਾਰਡ(ਬੂਟਾਕਲੋਰ),
ਫਾਸਟਮਿਕਸ(ਪ੍ਰਟੀਲਾਕਲੋਰ)
ਬਾਦ ਚ ਲੋੜ ਪੈਣ ਵੇਲੇ 21 ਦਿਨ ਤੱਕ ਰਿਫਟ ਜਾਂ ਟਾਪ ਸਟਾਰ ਇਸਤੇਮਾਲ ਕੀਤੀ ਜਾ ਸਕਦੀ ਹੈ.
25-30 ਦਿਨ DSR ਦੇ ਵਿੱਚ ਨਦੀਨ ਹੋਣ ਦੀ ਸੂਰਤ ਚ ਨੌਮਨੀਗੋਲਡ(ਸਵਾਂਕ )
ਰਾਈਸ ਸਟਾਰ
ਐਲਮਿਕਸ(ਚੌੜੇ ਪੱਤੇ )
ਸਨਰਾਇਸ (ਡੀਲਾ, ਮੋਥਾ) ਵਿਵਾਇਆ,ਕੌਂਸਲ ਐਕਟਿਵ, ਲੈਗੇਸੀ,2-4 ਡਾ ਅਮੀਨੋ ਸਾਲ੍ਟ ਆਦਿ ਦਵਾਈਆਂ ਨਦੀਨਾਂ ਦੀ ਕਿਸਮ ਵੇਖ ਕੇ ਲੋੜ ਅਨੁਸਾਰ ਵਰਤੀਆਂ ਜਾ ਸਕਦੀਆਂ ਹਨ..
5 — ਖਾਦਾਂ ਅਤੇ ਤੱਤ =
ਮੁਰਗੀ ਕੰਪੋਸਟ 150 kg ਬਿਜਾਈ ਵੇਲੇ
100 kg 45 ਦਿਨ ਦੀ ਫਸਲ ਉੱਤੇ
( ਮੁਰਗੀ ਕੰਪੋਸਟ ਪਨੀਰੀ ਵਿੱਚ ਵੀ ਕਮਾਲ ਨਤੀਜੇ ਦੇਂਦੀ ਹੈ)
ਜਾਂ
ਬਿਜਾਈ ਵੇਲੇ NPK 25-40 kg
POTASH 25-35 kg
ਜ਼ਮੀਨ ਦੀ ਲੋੜ ਅਨੁਸਾਰ
UREA 110-135 kg ਪਰਮਲ ਲਈ
45-65 kg ਬਾਸਮਤੀ ਲਈ
ਲੋੜ ਅਨੁਸਾਰ
26 ਵੇਂ ਦਿਨ ਮਲਟੀਪਲੈਕਸ ਦਾ ਜੀਵ ਰਸ 500 ml/ ਏਕੜ ਯੂਰੀਆ ਚ ਮਿਲਾ ਕੇ ਛੱਟਾ
ਜ਼ਿੰਕ 21% ਜਾਂ 33% ਛੱਟੇ ਲਈ ਕੁਆਲਿਟੀ ਅਤੇ ਮਾਤਰਾ 4-8 kg/ ਏਕੜ
ਸਪਰੇਅ ਲਈ ਚਿਲੇਟਿਡ ਜਾਂ ਤਰਲ ਜ਼ਿੰਕ (ਜ਼ਿਆਦਾ ਪੱਤੇਦਾਰ ਫਸਲ ਤੇ)150 g ਤੋਂ 300 g
ਫੈਰੇਸ ਸਲਫੇਟ 150-200 g
ਮੈਗਨੀਸ਼ੀਅਮ ਸਲਫੇਟ 1 kg
ਗੋਭ ਦੀ ਫਸਲ ਤੇ 13-00-45 (1500 g)+ ਬੌਰਨ 50 g ਜਾਂ ਤਰਲ ਜ਼ਿੰਕ 150g
17-44-00 + 00-00-50 ਦਾ ਘੋਲ ਵਰਤਿਆ ਜਾ ਸਕਦਾ ਹੈ..
ਗੋਭ ਦੀ ਸੁੰਡੀ ਲਈ ਲੋੜ ਪੈਣ ਤੇ Adexar ਦੀ ਸਪਰੇਅ
ਬਾਸਮਤੀ/ਝੋਨੇ ਦੀ ਗੁਣਵੱਤਾ ਲਈ 5G ਸਪ੍ਰੇਹ, VAM
ਜ਼ਮੀਨ ਦੀ ਉੱਲੀ ਲਈ ਫਟਕੜੀ 3 kg
ਸੰਜੀਵਨੀ (ਟਰਾਈਕੋਡਰਮਾ)
ਫਸਲ ਦੀ ਉੱਲੀ ਲਈ ਰਖਸ਼ਕ (ਸੂਡੋਮਨਾਸ) ਮੁਰਗੀ ਕੰਪੋਸਟ ਵਿੱਚ ਹੀ ਮਿਕਸ ਕੀਤੇ ਜਾ ਸਕਦੇ..
ਰਸ ਚੂਸਕ ਕੀੜੇ ਲਈ ਬਵੇਰੀਆ ਬਿਸਿਆਨਾ
ਸੁੰਡੀ ਲਈ ਕਾਲੀਚੱਕਰਾ ਦਵਾਈ ਦੇ ਘੋਲ ਵਰਤੇ ਜਾ ਸਕਦੇ ਹਨ..
ਜ਼ਹਿਰਮੁਕਤ ਆਰਗੈਨਿਕ ਫਸਲ ਲਈ ਨਵਾਂ ਅਪਗ੍ਰੇਡ ਵੇਸਟ ਡੀਕੰਪੋਜ਼ਰ,ਨਿੰਮ ਅਸਤਰ,ਗੁੜ ਜਲ ਅੰਮ੍ਰਿਤ,ਜੀਵ ਅੰਮ੍ਰਿਤ,ਹਿੰਗ,ਖੱਟੀ ਲੱਸੀ,ਸਰੋਂ ਦੀ ਖਲ,ਪਾਥੀਆਂ ਦਾ ਪਾਣੀ,ਕਲੀ ਦਾ ਪਾਣੀ ਅਤੇ ਉੱਪਰ ਦੱਸੇ ਜੀਵਾਣੂੰ ਘੋਲ ਬਹੁਤ ਅਸਰਦਾਰ ਅਤੇ ਸਹਾਇਕ ਹਨ..
ਸਿੱਧੀ ਬਿਜਾਈ ਚ ਧਿਆਨ ਰੱਖਣਯੋਗ ਗੱਲਾਂ …
ਮਿੱਟੀ ਪਾਣੀ ਦਾ ਟੈਸਟ ਕਰਵਾ ਕੇ ਕਮੀਆਂ ਜਾਣ ਲਵੋ..
ਤੰਦਰੁਸਤ ਅਤੇ ਗਾਰੰਟੀਸ਼ੁਦਾ ਬੀਜ ਦਾ ਹੀ ਇਸਤੇਮਾਲ ਹੋਵੇ ..
ਸਿੱਧੀ ਬਿਜਾਈ ਵਾਲੇ ਝੋਨੇ ਉੱਤੇ ਪੱਚੀ ਤੀਹ ਦਿਨ ਬੇਰੌਣਕੀ ਰਹਿੰਦੀ ਹੈ ਇਸ ਲਈ ਸਬਰ ਅਤੇ ਵਿਸ਼ਵਾਸ਼ ਬਣਾਈ ਰੱਖੋ..
ਸਵੇਰੇ ਸ਼ਾਮ ਖੇਤਾਂ ਚ ਗੇੜਾ ਰੱਖੋ..
ਤਰ ਵਤਰ ਦੀ ਬਿਜਾਈ ਤੋਂ ਬਾਅਦ ਅਗਰ ਬਾਰਿਸ਼ ਹੋ ਜਾਵੇ ਤਾਂ ਕਰੰਡ ਤੋਂ ਬਚਣ ਲਈ ਤੁਰੰਤ ਪਾਣੀ ਲਾ ਦੇਵੋ ..ਬੀਜ ਪੁੰਗਰ ਕੇ 7-8 ਦਿਨ ਚ ਬਾਹਰ ਆ ਜਾਂਦਾ ਹੈ ਤਦ ਤੱਕ ਮਿੱਟੀ ਦੀ ਸਤਾ ਨਰਮ ਹੀ ਰਹਿਣੀ ਚਾਹੀਦੀ ਹੈ..
ਪਲਾਨ ਬੀ ਦੇ ਤਹਿਤ ਸਿੱਧੀ ਬਿਜਾਈ ਵਾਲੇ ਦਿਨ ਹੀ ਥੋੜ੍ਹੀ ਪਨੀਰੀ ਬੀਜੋ ਤਾਂ ਜੋ ਬਾਅਦ ਵਿਚ ਲੋੜ ਪੈਣ ਤੇ ਗੈਪ ਫਿਲਿੰਗ ਦੇ ਕੰਮ ਆ ਸਕੇ ..
ਬੀਜ ਇਕ ਜਾਂ ਸਵਾ ਇੰਚ ਤੋਂ ਡੂੰਘਾ ਨਾ ਬੀਜਿਆ ਜਾਵੇ
ਜ਼ਿਆਦਾ ਬੂਟਾ ਮਾਰਨ ਵਾਲੀਆਂ ਕਿਸਮਾਂ ਦਾ ਨਿੱਗਰ ਬੀਜ 6 ਕਿਲੋ ਅਤੇ ਦੂਜੀਆਂ ਕਿਸਮਾਂ ਦਾ 8 ਕਿਲੋ ਤੋਂ ਵੱਧ ਨਾ ਹੋਵੇ..ਜ਼ਿਆਦਾ ਬੀਜ਼ ਨਾਲ ਜੜ ਦੀ ਉੱਲੀ ,ਤੇਲੇ ਅਤੇ ਫੋਕ ਦੀ ਦੀ ਸਮੱਸਿਆ ਆ ਸਕਦੀ ਹੈ..
ਆਮ ਤੌਰ ਤੇ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਕੱਦੂ ਵਾਲੇ ਦੇ ਮੁਕਾਬਲੇ ਨਾ ਮਾਤਰ ਬਿਮਾਰੀ ਆਉਂਦੀ ਹੈ..ਸਵੇਰੇ ਸ਼ਾਮ ਵਿੱਚ ਫਿਰ ਕੇ ਮੁਆਇਨਾ ਕਰਦੇ ਰਹੋ..
ਸਿੱਧੀ ਬਿਜਾਈ ਚ ਨਦੀਨਾਂ ਦਾ ਸਫਲਤਾਪੂਰਵਕ ਪ੍ਰਬੰਧ ਕਰਨ ਵਾਲਾ ਹੀ ਚੈਂਪੀਅਨ ਹੈ..
ਹੁਣ ਤਾਂ ਭਰਭੂਰ ਐਗਰੀ ਵਰਕਸ ਬਡਰੁੱਖਾਂ ਵੱਲੋ ਝੋਨੇ ਦੀ ਗੁਡਾਈ ਲਈ ਮਲਟੀ ਵੀਡਰ ਵੀ ਆ ਗਿਆ ਹੈ ਜਿਸ ਨਾਲ 25 ਤੋਂ 50 ਦਿਨ ਦੇ ਝੋਨੇ ਚ ਦੋ ਵਾਰ ਗੋਡੀ ਕੀਤੀ ਜਾ ਸਕਦੀ ਹੈ ਜਿਸ ਕਰਕੇ ਨਦੀਨ ਨਾਸ਼ਕਾਂ ਦਾ ਖਰਚਾ ਵੀ ਘਟੇਗਾ,ਸੰਘਣਾ ਝੋਨਾ ਵਿਰਲਾ ਕੀਤਾ ਜਾ ਸਕਦਾ ਅਤੇ ਗੋਡੀ ਕਰਕੇ ਝਾੜ ਚ ਵੀ ਵਾਧਾ ਦਰਜ ਕੀਤਾ ਗਿਆ ਹੈ..
ਵਾਤਾਵਰਣ ਵੀ ਚੰਗਾ ਬਣਿਆ…
ਸਿੱਧੀ ਬਿਜਾਈ ਵਾਲੀ ਫਸਲ ਨੂੰ ਸਾਰੀ ਖਾਦ 15-55 ਦਿਨਾਂ ਦੇ ਵਕਫੇ ਚ ਮੁਕੰਮਲ ਕਰ ਲੈਣੀ ਚਾਹੀਦੀ ਹੈ..
ਵੱਡੇ ਜ਼ਿਮੀਦਾਰ ਆਪਣੇ ਟਰੈਕਟਰ ਨੂੰ ਪਤਲੇ ਟਾਇਰ ਲਗਵਾ ਕੇ ਬੀਜਣ ਤੋਂ ਲੈਕੇ ਫਸਲ ਕਟਾਈ ਤੱਕ ਖਾਦਾਂ ਸਪਰੇਆਂ ਦਾ ਸਾਰਾ ਕੰਮ ਖਾਦ ਸਪਰੈਡਰ ਅਤੇ ਬੂਮ ਸਪਰੇਅਰ ਨਾਲ ਬਗੈਰ ਲੇਬਰ ਤੋਂ ਕਰ ਸਕਦੇ ਹਨ..
ਅਖੀਰ ਚ ਸਭ ਤੋਂ ਜਰੂਰੀ ਗੱਲ ਇਹ ਹੈ ਕਿ ਸਾਰਾ ਕੰਮ ਆਦਰਸ਼ਕ ਹਾਲਾਤ ਸਿਰਜ ਕੇ ਪੂਰਣ ਸਿੱਖਿਅਤ ਤਰੀਕੇ ਅਤੇ ਸਟੀਕਤਾ ਨਾਲ ਕਰੋਗੇ ਤਾਂ ਸਫਲਤਾ ਮਿਲਣੀ ਲਾਜ਼ਮੀ ਹੈ..
ਕਿਆਰੇ ਪਹਿਲਾਂ ਹੀ ਮਸ਼ੀਨ ਦੇ ਸਾਈਜ਼ ਨੂੰ ਮੁੱਖ ਰੱਖ ਕੇ ਪਾਓ.. ਅੱਧੇ ਏਕੜ ਤੋਂ ਵੱਡੇ ਨਾ ਪਾਓ ਕਿਉਂਕ ਬਾਦ ਚ ਮਲਚਿੰਗ ਵਾਲੀ ਕਣਕ ਬੀਜ ਕੇ ਪਾਣੀ ਦੇਣ ਲਈ ਵੀ ਸਹਾਈ ਹੁੰਦੇ ਹਨ..
ਕੋਈ ਵੀ ਤਰੀਕਾ ਵਰਤੋਂ ਪਰ ਕੱਦੂ ਚੋਂ ਨਿਕਲਣ ਦਾ ਯਤਨ ਕਰੋ..
ਬਿਜਾਈ ਦੇ ਤਰੀਕਿਆਂ ਬਾਰੇ ਹੋਰ ਫੋਟੋਆਂ ਅਤੇ ਵੀਡੀਓਜ਼ ਦੇਖਣ ਲਈ ਮੇਰੇ ਪੇਜ ਤੇ “ਸਿੱਧੀ ਬਿਜਾਈ ਦੇ ਯੋਧੇ” ਸੀਰੀਜ਼ ਦੇ 50 ਕੁ ਕਿਸਾਨ ਵੀਰਾਂ ਦੀਆਂ ਕਹਾਣੀਆਂ ਪੜ ਵੇਖ ਸਕਦੇ ਹੋ..
ਅਖੀਰੀ ਗੱਲ ਇਹ ਹੈ ਕਿ ਆਪਣਾ ਪਾਣੀ,ਸਾਧਨ ਅਤੇ ਖਰਚੇ ਬਚਾਉਣ ਲਈ ਸਾਨੂੰ ਆਪ ਸਿੱਧੇ ਰਸਤੇ ਚੱਲਣਾ ਪੈਣਾ ਤਾਂ ਹੀ ਰੱਬ ਸਿੱਧੀਆਂ ਪਾਏਗਾ..
ਰੋਜਾਨਾ ਅੱਪਡੇਟਾਂ ਲਈ ” ਸਿੱਧੀ ਬਿਜਾਈ ਦੇ ਯੋਧੇ DSR WARRIORS ” whatsapp ਗਰੁੱਪ ਨਾਲ ਜੁੜ ਸਕਦੇ ਹੋ..
ਇਕਜੁੱਟ ਹੋਕੇ ਸਰਬੱਤ ਦੇ ਭਲੇ ਨਾਲ ਕੰਮ ਕਰਾਂਗੇ ਤਾਂ ਚੜ੍ਹਦੀਕਲਾ ਰਹੇਗੀ.. ਮਾਲਿਕ ਮੇਹਰ ਕਰੇ.. ਸਭ ਨੂੰ ਸੁਮੱਤ ਬਖ਼ਸ਼ੇ.. ਸੁੱਖ ਸ਼ਾਂਤੀ ਹੋਵੇ..
ਕੋਈ ਵੀ ਜੰਗ ਨਹੀਂ ਚਾਹੁੰਦਾ ਪਰ ਜੇ ਬੂਹੇ ਉੱਤੇ ਆ ਗਈ ਤਾਂ ਲੜਨੀ ਹੀ ਪੈਣੀ ਹੈ..
ਗੁਰਬਿੰਦਰ ਸਿੰਘ ਬਾਜਵਾ
- +91 98145 22707
10 ਮਈ 2025
With YIF & DSR WARRIORS
Reviews
There are no reviews yet.